ਲੁਧਿਆਣਾ, 1 ਜੂਨ (ਵਰਿੰਦਰ) ਆਮ ਆਦਮੀ ਪਾਰਟੀ ਨੂੰ ਪਹਿਲਾਂ ਲੱਗੇ ਝਟਕਿਆਂ ਤੋਂ ਬਾਅਦ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਕਮਲਜੀਤ ਸਿੰਘ ਕੜਵਲ ਆਪਣੇ ਸਾਥੀਆਂ ਸਾਬਕਾ ਕੌਂਸਲਰ ਪੁੱਤਰ ਗੁਰਪ੍ਰੀਤ ਸਿੰਘ ਗੋਪੀ ਗਿੱਲ, ਸਾਬਕਾ ਕੌਂਸਲਰ ਰਣਜੀਤ ਸਿੰਘ ਉਬੀ, ਵਾਰਡ ਇੰਚਾਰਜ ਸੁਖਵਿੰਦਰ ਸਿੰਘ ਹੈਪੀ ਕੋਛੜ, ਦਵਿੰਦਰ ਸਿੰਘ ਵਾਲੀਆ ਤਜਿੰਦਰ ਸਿੰਘ ਮਨੀ ਅਤੇ ਸਨੀ ਦੁਰਗਾ ਸਮੇਤ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ ਹਲਕਾ ਪੱਛਮੀ ਦੇ ਇੰਚਾਰਜ, ਦੀ ਅਗਵਾਈ ਹੇਠ ਆਪ ਦੇ ਝਾੜੂ ਨੂੰ ਤੀਲਾ ਤੀਲਾ ਕਰਦੇ ਹੋਏ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ। ਜਿਸ ਨਾਲ ਕਾਂਗਰਸੀ ਉਮੀਦਵਾਰ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਮਿਲਿਆ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੈਂਬਰ ਜਨਾਬ ਮੁਹੰਮਦ ਸਦੀਕ, ਸਾਬਕਾ ਮੰਤਰੀ ਸ਼ਾਮ ਸੁੰਦਰ ਅਰੋੜਾ, ਸਾਬਕਾ ਵਿਧਾਇਕ ਡਾ. ਰਾਜਕੁਮਾਰ ਵੇਰਕਾ, ਰਮਨਜੀਤ ਸਿੰਘ ਸਿੱਕੀ, ਪਰਮਿੰਦਰ ਸਿੰਘ ਪਿੰਕੀ, ਹਰਮਿੰਦਰ ਸਿੰਘ ਗਿੱਲ, ਹਲਕਾ ਇੰਚਾਰਜ ਸਾਹਨੇਵਾਲ ਵਿਕਰਮ ਬਾਜਵਾ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋ, ਸਾਬਕਾ ਵਿਧਾਇਕ ਸ਼ਾਮ ਸੁੰਦਰ ਅਰੋੜਾ, ਵਿਧਾਇਕ ਲਾਡੀ ਸ਼ੇਰੋਵਾਲੀਆ, ਕੁਸ਼ਲਦੀਪ ਸਿੰਘ ਕਿਕੀ ਢਿੱਲੋਂ, ਇਕਬਾਲ ਸਿੰਘ ਗਰੇਵਾਲ, ਈਸ਼ਵਰ ਜੋਤ ਚੀਮਾ, ਇਕਬਾਲ ਸਿੰਘ ਗਰੇਵਾਲ, ਰਮਨੀਤ ਸਿੰਘ ਗਿੱਲ, ਗੁਰਸੇਵਕ ਸਿੰਘ ਮੰਗੀ ਸਮੇਤ ਕਾਂਗਰਸ ਦੇ ਹੋਰ ਆਗੂ ਵੀ ਮੌਜੂਦ ਸਨ ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿੱਚ ਕੜਵਲ ਤੇ ਉਸਦੀ ਟੀਮ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੱਤਾਧਾਰੀ 'ਆਪ' ਤੋਂ ਆਗੂਆਂ ਅਤੇ ਵਰਕਰਾਂ ਦਾ ਪਲਾਇਨ ਸ਼ੁਰੂ ਹੋ ਗਿਆ ਹੈ ਅਤੇ ਇਹ ਹੁਣ ਲਗਾਤਾਰ ਜਾਰੀ ਰਹੇਗਾ ।
ਸ੍ਰ ਚੰਨੀ ਨੇ ਕਿਹਾ ਕਿ ਆਮ ਤੌਰ 'ਤੇ ਉਪ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਲੋਕ ਹੀ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ। "ਪਰ ਇੱਥੇ ਉਲਟ ਹੋ ਰਿਹਾ ਹੈ ਕਿਉਂਕਿ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ 'ਆਪ' ਦਾ ਵਜੂਦ ਖਤਮ ਹੋ ਰਿਹਾ ਹੈ ਅਤੇ ਕਾਂਗਰਸ ਵਾਪਸੀ ਕਰ ਰਹੀ ਹੈ"।
ਇਸ ਮੌਕੇ ਰਾਣਾ ਗੁਰਜੀਤ ਸਿੰਘ ਜੋ ਕਿ ਲੁਧਿਆਣਾ ਪੱਛਮੀ ਉਪ ਚੋਣ ਲਈ ਕਾਂਗਰਸ ਮੁਹਿੰਮ ਕਮੇਟੀ ਦੇ ਚੇਅਰਮੈਨ ਵੀ ਹਨ ਨੇ ਸੀਨੀਅਰ 'ਆਪ' ਆਗੂਆਂ ਦੇ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ, "ਆਉਣ ਵਾਲੀਆਂ ਘਟਨਾਵਾਂ ਆਪਣਾ ਪਰਛਾਵਾਂ ਪਾਉਂਦੀਆਂ ਹਨ"। ਉਨ੍ਹਾਂ ਕਿਹਾ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਆਗੂ ਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਨ ਅਤੇ ਹੋਰ ਵੀ ਬਹੁਤ ਸਾਰੇ ਹੈਰਾਨੀਜਨਕ ਨਤੀਜੇ ਤੁਹਾਡੇ ਸਾਹਮਣੇ ਹੋਣਗੇ।
ਇਸ ਮੌਕੇ ਬੋਲਦਿਆਂ, ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਜਦੋਂ ਤੁਸੀ ਪਰਿਵਾਰ ਤੋਂ ਵੱਖ ਹੁੰਦੇ ਹੋ ਤਾਂ ਮੈਂ ਮਹਿਸੂਸ ਹੁੰਦਾ ਸੀ ਕਿ ਗਲਤੀਆਂ ਕੀਤੀਆਂ ਹਨ ਇਸ ਲਈ ਇਹ ਉਨ੍ਹਾਂ ਲਈ ਘਰ ਵਾਪਸੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੋਰ ਪਾਰਟੀਆਂ ਵਿੱਚ ਨਿੱਜੀ ਤੌਰ 'ਤੇ ਦੇਖਿਆ ਹੈ ਕਿ ਕਾਂਗਰਸ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ, ਜੋ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਅਤੇ ਲੋਕ-ਪੱਖੀ ਸਰਕਾਰ ਦੇ ਸਕੇ। ਕੜਵਲ ਨੇ ਅੱਗੇ ਕਿਹਾ ਕਿ ਉਹ ਭਾਰਤ ਭੂਸ਼ਣ ਆਸ਼ੂ ਦੇ ਕੰਮ ਕਰਨ ਦੇ ਤਰੀਕੇ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਦੇਖ ਰਹੇ ਸਨ, ਜਦੋਂ ਤੋਂ ਉਹ ਪਹਿਲੀ ਵਾਰ ਕੌਂਸਲਰ ਬਣੇ ਸਨ। ਸ੍ਰ ਕੜਵਲ ਨੇ ਕਿਹਾ ਕਿ ਜੇਕਰ ਅੱਜ ਤੁਸੀਂ ਆਸ਼ੂ ਦਾ ਸਮਰਥਨ ਨਹੀਂ ਕਰਦੇ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਨਹੀਂ ਹੁੰਦੇ, ਤਾਂ ਤੁਸੀਂ ਉਨ੍ਹਾਂ ਨਾਲ ਨਹੀਂ, ਸਗੋਂ ਲੁਧਿਆਣਾ ਨਾਲ ਬਹੁਤ ਵੱਡਾ ਅਨਿਆਂ ਕਰ ਰਹੇ ਹੋਵੋਗੇ", ਕੜਵਲ ਨੇ ਕਿਹਾ, ਲੁਧਿਆਣਾ ਨੂੰ ਆਸ਼ੂ ਵਰਗੇ ਗਤੀਸ਼ੀਲ ਤੇ ਨਿਡਰ ਆਗੂਆਂ ਦੀ ਲੋੜ ਹੈ, ਇਸ ਲਈ ਮੈਂ ਤੇ ਮੇਰੇ ਸਾਥੀ ਇਸ ਚੋਣ ਨੂੰ ਆਪਣੀ ਚੋਣ ਸਮਝ ਕੇ ਲੜਾਂਗੇ।
ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਕੜਵਲ ਅਤੇ ਹੋਰ ਆਗੂਆਂ ਦਾ ਕਾਂਗਰਸ ਵਿੱਚ ਵਿਸ਼ਵਾਸ ਜਤਾਉਣ ਅਤੇ ਇੱਕ ਮਹੱਤਵਪੂਰਨ ਸਮੇਂ 'ਤੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਜਦੋਂ ਉਨ੍ਹਾਂ ਨੂੰ ਸਾਰਿਆਂ ਦੇ ਸਮਰਥਨ ਦੀ ਲੋੜ ਸੀ। ਆਸ਼ੂ ਨੇ ਕਿਹਾ ਕਿ ਸਿਰਫ਼ ਲੁਧਿਆਣਾ ਦੇ ਲੋਕ ਹੀ ਨਹੀਂ, ਸਗੋਂ ਪੂਰਾ ਪੰਜਾਬ ਲੁਧਿਆਣਾ ਪੱਛਮੀ ਵੱਲ ਦੇਖ ਰਿਹਾ ਹੈ ਕਿਉਂਕਿ ਇੱਥੋਂ ਤਬਦੀਲੀ ਦੀਆਂ ਹਵਾਵਾਂ ਵਗਣਾ ਸ਼ੁਰੂ ਹੋ ਜਾਣਗੀਆਂ ਜਿਵੇਂ ਕਿ ਇਸ ਤੱਥ ਤੋਂ ਸਪੱਸ਼ਟ ਹੈ ਕਿ ਲੋਕ 'ਆਪ' ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਸੇ ਦਿਨਾਂ ਵਿੱਚ ਇਹ ਕਾਫਲਾ ਹੋਰ ਵੀ ਵੱਡਾ ਹੋਵੇਗਾ ।
ਡੱਬੀ
ਕਮਲਜੀਤ ਸਿੰਘ ਕੜਵਲ ਦੇ ਸਿਆਸੀ ਭਵਿੱਖ ਤੇ ਇੱਕ ਪੰਛੀ ਝਾਤ
ਚਰਚਾ : ਇਹ ਆਗੂ ਜਿਹੜੀ ਮਰਜ਼ੀ ਪਾਰਟੀ ਵਿੱਚ ਚਲੇ ਜਾਣ ਹੁਣ ਘਰ ਵਾਪਸੀ ਹੀ ਕਿਹਾ ਜਾਵੇਗਾ
ਅੱਜ ਕਾਂਗਰਸ ਪਾਰਟੀ ਵਿੱਚ ਵਾਪਸੀ ਕਰਦੇ ਹੋਏ ਸਰਦਾਰ ਕਮਲਜੀਤ ਸਿੰਘ ਕੜਵਲ ਦੇ ਸਿਆਸੀ ਜੀਵਨ ਤੇ ਪੰਛੀ ਝਾਤ ਮਾਰੀ ਜਾਵੇ ਤਾਂ ਉਹ ਪਹਿਲਾਂ ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਅਤੀ ਨਜ਼ਦੀਕੀ ਸਾਥੀ ਰਹੇ ਹਨ। ਜਿਨਾ ਨੇ ਆਪਣਾ ਸਿਆਸੀ ਜੀਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਅਤੇ ਸਿਮਰਜੀਤ ਸਿੰਘ ਬੈਂਸ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ। ਇਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਅਲਵਿਦਾ ਕਹਿ ਕੇ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਚਲੇ ਗਏ ਫਿਰ ਕਮਲਜੀਤ ਸਿੰਘ ਕੜਵਲ ਨੇ ਸਿਮਰਜੀਤ ਸਿੰਘ ਬੈਂਸ ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਇਸ ਉਪਰੰਤ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਫਿਰ ਇਹਨਾਂ ਨੇ ਬੈਂਸ ਭਰਾਵਾਂ ਦੇ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਲਵਿਦਾ ਕਹਿ ਦਿੱਤਾ ਤੇ ਆਪਣੀ ਸਿਆਸੀ ਪਾਰਟੀ ਲੋਕ ਇਨਸਾਫ ਪਾਰਟੀ ਬਣਾਈ। ਪ੍ਰੰਤੂ ਕੁਝ ਮੱਤਭੇਤਾਂ ਕਰਕੇ ਸਰਦਾਰ ਕੜਵਲ ਬੈਂਸ ਭਰਾਵਾਂ ਨੂੰ ਛੱਡ ਕੇ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਸਰਦਾਰ ਕੜਵਲ ਦੇ ਬੈਂਸ ਭਰਾਵਾਂ ਨਾਲ ਮੱਤਭੇਦ ਵਧਦੇ ਗਏ ਅਤੇ ਇਹਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਕੇ 2017 ਦੀ ਵਿਧਾਨ ਸਭਾ ਚੋਣ ਲੜੀ ਪਰੰਤੂ ਉਹ ਸਿਮਰਨਜੀਤ ਸਿੰਘ ਬੈਂਸ ਤੋਂ ਹਾਰ ਗਏ। ਫਿਰ 2022 ਵਿੱਚ ਦੁਬਾਰਾ ਇਹਨਾਂ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਹੀ ਚੋਣ ਲੜੀ ਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਵੰਤ ਸਿੰਘ ਸਿੱਧੂ ਤੋਂ ਵੀ ਹਾਰ ਗਏ। ਇਸ ਉਪਰੰਤ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਤੇ ਹੁਣ 2024 ਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸਿਆਸੀ ਚਰਚਾਵਾਂ ਅਨੁਸਾਰ ਉੱਥੇ ਵੀ ਆਪਣੀ ਦਾਲ ਗਲਦੀ ਨਾ ਵੇਖ ਕੇ ਹੁਣ ਵਿਧਾਨ ਸਭਾ ਹਲਕਾ ਪੱਛਮੀ ਦੀ ਉਪ ਚੋਣ ਸਮੇਂ ਆਮ ਆਦਮੀ ਪਾਰਟੀ ਵੀ ਛੱਡ ਕੇ ਦੁਬਾਰਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਕਾਂਗਰਸੀ ਲੀਡਰਾਂ ਤੇ ਉਨਾਂ ਵੱਲੋਂ ਇਸ ਨੂੰ ਘਰ ਵਾਪਸੀ ਕਿਹਾ ਜਾ ਰਿਹਾ ਹੈ। ਪ੍ਰੰਤੂ ਸਿਆਸੀ ਮਾਹਰਾਂ ਅਨੁਸਾਰ ਸਰਦਾਰ ਕੜਵਲ ਇੰਨੀਆਂ ਕੁ ਪਾਰਟੀਆਂ ਬਦਲ ਚੁੱਕੇ ਹਨ ਕਿ ਜਿਹੜੀ ਮਰਜ਼ੀ ਪਾਰਟੀ ਵਿੱਚ ਚਲੇ ਜਾਣ ਉਹਨਾਂ ਦੀ ਘਰ ਵਾਪਸੀ ਹੀ ਕਹੀ ਜਾਵੇਗੀ।
No comments
Post a Comment